Jalandhar 28 Feb 2026 AJ DI Awaaj
Punjab Desk : ਸੰਤੋਖਪੁਰਾ ਇਲਾਕੇ ਵਿੱਚ ਅੱਧੀ ਰਾਤ ਇੱਕ ਡਾਕਟਰ ਦੇ ਘਰ ‘ਤੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਵੱਲੋਂ ਤਾਬੜਤੋੜ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਕਰੀਬ 10 ਰਾਊਂਡ ਫਾਇਰ ਕੀਤੇ ਗਏ, ਜੋ ਘਰ ਦੀਆਂ ਕੰਧਾਂ ਨਾਲ ਟਕਰਾਏ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਘਟਨਾ ਕਰੀਬ ਰਾਤ 1:30 ਵਜੇ ਦੀ ਦੱਸੀ ਜਾ ਰਹੀ ਹੈ। ਗੋਲੀਆਂ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਜਾਗ ਉੱਠੇ। ਡਾਕਟਰ ਨੇ ਪਹਿਲਾਂ ਮੁਹੱਲੇ ਦੇ ਕੌਂਸਲਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ 8 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਫੋਰੈਂਸਿਕ ਟੀਮ ਨੇ ਗੋ*ਲੀਆਂ ਦੇ ਨਿਸ਼ਾਨ ਮਾਰਕ ਕਰਕੇ ਸਬੂਤ ਇਕੱਠੇ ਕੀਤੇ।
ਸੀਸੀਟੀਵੀ ਫੁਟੇਜ ਵਿੱਚ ਦੋ ਨੌਜਵਾਨ ਮੂੰਹ ਢੱਕੇ ਹੋਏ ਨਜ਼ਰ ਆ ਰਹੇ ਹਨ। ਇੱਕ ਨੌਜਵਾਨ ਲਗਭਗ ਇੱਕ ਮਿੰਟ ਤੱਕ ਲਗਾਤਾਰ ਫਾਇਰ ਕਰਦਾ ਹੈ ਅਤੇ ਫਿਰ ਘਰ ਦੇ ਬਾਹਰ ਖੜੀ ਕਾਰ ਦੇ ਅੱਗੇ-ਪਿੱਛੇ ਟਾਇਰਾਂ ‘ਤੇ ਵੀ ਤਿੰਨ ਗੋਲੀਆਂ ਚਲਾਉਂਦਾ ਹੈ। ਇਸ ਦੌਰਾਨ ਉਸਦਾ ਕੁਝ ਸਮਾਨ ਗਲੀ ਵਿੱਚ ਡਿੱਗਦਾ ਹੈ, ਜਿਸਨੂੰ ਉਹ ਚੁੱਕ ਕੇ ਸਾਥੀ ਸਮੇਤ ਬਾਈਕ ‘ਤੇ ਫਰਾਰ ਹੋ ਜਾਂਦਾ ਹੈ।
ਡਾਕਟਰ ਨੇ ਦੱਸਿਆ ਕਿ ਨਾ ਤਾਂ ਉਨ੍ਹਾਂ ਨੂੰ ਪਹਿਲਾਂ ਕੋਈ ਧਮਕੀ ਮਿਲੀ ਸੀ ਅਤੇ ਨਾ ਹੀ ਕਿਸੇ ਵੱਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਤਕਨੀਕੀ ਟੀਮਾਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਨਿਗਰਾਨੀ ਉੱਚ ਪੱਧਰ ‘ਤੇ ਕੀਤੀ ਜਾ ਰਹੀ ਹੈ।














