ਦੁਕਾਨ ‘ਤੇ ਸਾਮਾਨ ਲੈਣ ਗਈਆਂ 2 ਭੈਣਾਂ, ਨਹੀਂ ਆਈਆਂ ਵਾਪਸ, ਰਸਤੇ ‘ਚ ਹੋਈਆਂ ਗਾਇਬ, ਪਿੰਡ ‘ਚ ਦਹਿਸ਼ਤ

39

ਤਲਵੰਡੀ ਸਾਬੋ: ਪੰਜਾਬ ਦੀ ਤਲਵੰਡੀ ਸਾਬੋ ਸਬ-ਡਵੀਜ਼ਨ ਤੋਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਅਮਨ-ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲਾ ਪ੍ਰੋਫੈਸਰ ਕਲੋਨੀ ਦਾ ਹੈ, ਜਿੱਥੋਂ ਦੋ ਨਾਬਾਲਗ ਲੜਕੀਆਂ ਲਾਪਤਾ ਹੋ ਗਈਆਂ ਸਨ। ਦੋਵੇਂ ਲੜਕੀਆਂ ਦਿਨ ਵੇਲੇ ਘਰ ਤੋਂ ਦੁਕਾਨ ’ਤੇ ਖਾਣ-ਪੀਣ ਦਾ ਸਾਮਾਨ ਲੈਣ ਗਈਆਂ ਸਨ, ਪਰ ਵਾਪਸ ਨਹੀਂ ਆਈਆਂ। ਇਸ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਭਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲੜਕੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ।

ਪਰਿਵਾਰ ‘ਤੇ ਦੁਖਾਂ ਦਾ ਪਹਾੜ ਡਿੱਗ ਪਿਆ
ਦੱਸ ਦਈਏ ਕਿ ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਇਕ ਵਾਰ ਹੀ ਘਰ ਆਈ ਅਤੇ ਪੀੜਤ ਪਰਿਵਾਰ ਤੋਂ ਕੋਈ ਜਾਣਕਾਰੀ ਨਹੀਂ ਲਈ। ਪੀੜਤ ਲੜਕੀਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੜਕੀਆਂ ਸੱਤਵੀਂ ਅਤੇ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਉਹ ਘਰ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਦੁਕਾਨ ਤੋਂ ਖਾਣ-ਪੀਣ ਦਾ ਸਮਾਨ ਲੈਣ ਗਈਆਂ ਸੀ ਪਰ ਅਜੇ ਤੱਕ ਵਾਪਸ ਨਹੀਂ ਆਈਆਂ । ਸਾਨੂੰ ਸ਼ੱਕ ਹੈ ਕਿ ਕਿਸੇ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਹੈ।

ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਦੋਸ਼
ਦੱਸ ਦੇਈਏ ਕਿ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਧੀਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਸਾਡੇ ਹਵਾਲੇ ਕੀਤਾ ਜਾਵੇ।

ਤਲਵੰਡੀ ਸਾਬੋ ਥਾਣਾ ਮੁਖੀ ਸਰਬਜੀਤ ਕੌਰ ਨੇ ਕੈਮਰੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਧਰ, ਜਦੋਂ ਫ਼ੋਨ ਰਿਕਾਰਡਿੰਗ ਰਾਹੀਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਉਨ੍ਹਾਂ ਦੀਆਂ ਲੜਕੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸ਼ੱਕ ਵੀ ਪ੍ਰਗਟਾਇਆ ਸੀ। ਅਸੀਂ ਉਸ ਦਿਸ਼ਾ ਵਿੱਚ ਗ੍ਰਿਫਤਾਰੀਆਂ ਵੀ ਕੀਤੀਆਂ, ਪਰ ਅਜੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਹੁਣ ਅਸੀਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਰਹੇ ਹਾਂ।