ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ‘ਤੇ ਰਾਜਨੀਤਿਕ ਤੂਫ਼ਾਨ, ਹੁਣ ਹਾਈ ਕੋਰਟ ‘ਚ ਸੁਣਵਾਈ

20

ਅੱਜ ਦੀ ਆਵਾਜ਼ | 16 ਅਪ੍ਰੈਲ 2025

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਟੀਵੀ ਇੰਟਰਵਿਊ ਦੌਰਾਨ ਦਿੱਤੇ ਗਏ ਗ੍ਰਨੇਡਾਂ ਨਾਲ ਸਬੰਧਤ ਬਿਆਨ ਕਾਰਨ ਪੰਜਾਬ ਦੀ ਰਾਜਨੀਤਿਕ ਹਵਾਵਾਂ ਗਰਮ ਹੋ ਗਈਆਂ ਹਨ। ਹੁਣ ਇਸ ਮਾਮਲੇ ਦੀ 16 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ। ਹਾਈ ਕੋਰਟ ‘ਚ ਬਾਜਵਾ ਵੱਲੋਂ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਅਰਜ਼ੀ ਦਿੱਤੀ ਗਈ ਹੈ।

ਇੰਟਰਵਿਊ ਤੋਂ ਸ਼ੁਰੂ ਹੋਇਆ ਵਿਵਾਦ 13 ਅਪ੍ਰੈਲ ਨੂੰ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਬਾਜਵਾ ਨੇ ਦਾਅਵਾ ਕੀਤਾ ਸੀ ਕਿ 50 ਗ੍ਰਨੇਡ ਪੰਜਾਬ ਵਿੱਚ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 18 ਦੀ ਜਾਂਚ ਚੱਲ ਰਹੀ ਹੈ ਤੇ 32 ਹੋਰ ਵੀ ਜਾਂਚ ਅਧੀਨ ਹਨ। ਇਸ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਮੋਹਾਲੀ ਪੁਲਿਸ ਨੇ ਇਕ ਸਰਕਾਰੀ ਕਰਮਚਾਰੀ ਦੀ ਸ਼ਿਕਾਇਤ ‘ਤੇ ਬਾਜਵਾ ਖ਼ਿਲਾਫ ਐਫਆਈਆਰ ਦਰਜ ਕਰ ਲਈ।

ਪੁਲਿਸ ਦੀ ਪੁੱਛਗਿੱਛ ਤੇ ਬਾਜਵਾ ਦਾ ਰਵੱਈਆ 14 ਅਪ੍ਰੈਲ ਨੂੰ ਬਾਜਵਾ ਨੂੰ ਪੁਲਿਸ ਵੱਲੋਂ ਪੁੱਛਗਿੱਛ ਲਈ ਤਲਬ ਕੀਤਾ ਗਿਆ, ਪਰ ਉਹ ਪੇਸ਼ ਨਾ ਹੋਏ। ਉਨ੍ਹਾਂ ਦੇ ਵਕੀਲ ਨੇ ਇੱਕ ਦਿਨ ਦੀ ਮਿਆਦ ਲਈ ਅਰਜ਼ੀ ਦਿੱਤੀ। 15 ਅਪ੍ਰੈਲ ਨੂੰ ਮੁਹਾਲੀ ਸਾਈਬਰ ਥਾਣੇ ਵਿੱਚ ਲਗਭਗ 6 ਘੰਟਿਆਂ ਤੱਕ ਉਨ੍ਹਾਂ ਨਾਲ ਪੁੱਛਗਿੱਛ ਕੀਤੀ ਗਈ। ਪੁਲਿਸ ਅਧਿਕਾਰੀ ਰਾਵਜੋਂ ਗਰੇਵਾਲ ਉਨ੍ਹਾਂ ਦੇ ਘਰ ਵੀ ਪਹੁੰਚੇ, ਪਰ ਬਾਜਵਾ ਦੇ ਸਹਿਯੋਗ ਨੂੰ ਲੈ ਕੇ ਉਨ੍ਹਾਂ ਨੇ ਅਸੰਤੋਸ਼ ਜਤਾਇਆ।

ਮੁੱਖ ਮੰਤਰੀ ਦੀ ਤਿੱਖੀ ਪ੍ਰਤਿਕਿਰਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਸਵਾਲ ਕੀਤੇ ਕਿ ਉਹਨਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ? ਕੀ ਉਹਨਾਂ ਦੇ ਪਾਕਿਸਤਾਨ ਨਾਲ ਕੋਈ ਸਬੰਧ ਹਨ? ਕੀ ਇਹ ਸਿਰਫ਼ ਰਾਜਨੀਤਿਕ ਲਾਭ ਲਈ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ? ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬਾਜਵਾ ਆਪਣੀ ਜਾਣਕਾਰੀ ਦਾ ਸਰੋਤ ਨਹੀਂ ਦੱਸਦੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਾਈ ਕੋਰਟ ਦੀ ਸ਼ਰਨ 15 ਅਪ੍ਰੈਲ ਦੀ ਦੁਪਹਿਰ ਨੂੰ ਬਾਜਵਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਉਸੇ ਸ਼ਾਮ, ਉਨ੍ਹਾਂ ਨੂੰ ਐਫਆਈਆਰ ਦੀ ਕਾਪੀ ਵੀ ਸੌਂਪੀ ਗਈ। ਕਾਂਗਰਸ ਦੇ ਆਗੂ ਅਤੇ ਸਮਰਥਕ ਚੰਡੀਗੜ੍ਹ ਵਿੱਚ ਇਕੱਠੇ ਹੋ ਗਏ ਤੇ ਪੁਲਿਸ ਪੁੱਛਗਿੱਛ ਦੌਰਾਨ ਥਾਣੇ ਬਾਹਰ ਧਰਨਾ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਕਾਂਗਰਸ ਵਿਰੁੱਧ ਪ੍ਰਦਰਸ਼ਨ ਕੀਤੇ ਗਏ।