ਲੁਧਿਆਣਾ:ਥਾਣਾ ਸਲੇਮ ਟਾਬਰੀ ਦੀ ਪੁਲਸ ਨੇ 5 ਮਹੀਨੇ ਦੀ ਜਾਂਚ ਤੋਂ ਬਾਅਦ ਇਕ ਪੁਲਸ ਮੁਲਾਜ਼ਮ ਦੇ ਬੇਟੇ ਅਤੇ ਉਸ ਦੇ ਸਾਥੀ ਖਿਲਾਫ ਸਾਜ਼ਿਸ਼ ਦੇ ਤਹਿਤ ਧੋਖਾਦੇਹੀ ਕਰਨ ਦਾ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ, ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਯਸ਼ ਕੁਮਾਰ ਪੁੱਤਰ ਅੰਮ੍ਰਿਤ ਲਾਲ ਵਾਸੀ ਪਿੰਡ ਮੁਠੱਡਾ, ਫਿਲੌਰ ਨੇ 12 ਜੁਲਾਈ 2024 ਨੂੰ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਪੀੜਤ ਯਸ਼ ਕੁਮਾਰ ਨੇ ਦੱਸਿਆ ਕਿ ਉਹ ਦੁਬਈ ‘ਚ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ, ਜਿਸ ਤੋਂ ਬਾਅਦ ਉਸ ਦੇ ਭਰਾ ਨੇ ਪੁਰਤਗਾਲ ਦਾ ਵਰਕ ਪਰਮਿਟ ਦਿਵਾਉਣਲਈ ਵਿਸ਼ਾਲ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਕੁਆਰਟਰ ਨੰ. 1, ਪੁਲਸ ਕਾਲੋਨੀ, ਭਾਈ ਰਣਧੀਰ ਸਿੰਘ ਨਗਰ ਅਤੇ ਕਪਿਲ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ਸਨ ਸਿਟੀ ਚੂਹੜਪੁਰ ਰੋਡ, ਜੱਸੀਆਂ ਨੂੰ ਮਿਲਿਆ, ਜਿਨ੍ਹਾਂ ਨੇ ਕਿਹਾ ਕਿ ਉਹ ਪੁਰਤਗਾਲ ‘ਚ ਵਰਕ ਪਰਮਿਟ ਦਿਵਾਉਣ ਦਾ ਕੰਮ ਕਰਦੇ ਹਨ।ਇਸ ਤੋਂ ਬਾਅਦ ਯਸ਼ ਕੁਮਾਰ ਦੇ ਭਰਾ ਨੇ ਉਨ੍ਹਾਂ ਨੂੰ ਆਪਣੇ ਭਰਾ ਯਸ਼ ਕੁਮਾਰ ਨੂੰ ਦੁਬਈ ਤੋਂ ਵਾਪਸ ਬੁਲਾ ਕੇ ਪੁਰਤਗਾਲ ਭੇਜਣ ਦੀ ਗੱਲ ਕੀਤੀ ਗਈ।
ਇਸ ਤੋਂ ਬਾਅਦ ਯਸ਼ ਕੁਮਾਰ 1 ਅਗਸਤ 2022 ਨੂੰ ਦੁਬਈ ਤੋਂ ਇੰਡੀਆ ਵਾਪਸ ਆ ਗਿਆ ਅਤੇ ਵਿਸ਼ਾਲ ਕੁਮਾਰ ਅਤੇ ਕਪਿਲ ਕੁਮਾਰ ਨੂੰ ਮਿਲਿਆ, ਜਿਸ ਤੋਂ ਬਾਅਦ ਯਸ਼ ਕੁਮਾਰ ਨੇ ਦੋਵੇਂ ਵਿਅਕਤੀਆਂ ਨੂੰ ਪੁਰਤਗਾਲ ਦਾ ਵਰਕ ਪਰਮਿਟ ਦਿਵਾਉਣ ਲਈ ਸਾਢੇ 6 ਲੱਖ ਰੁਪਏ ਦੀ ਰਕਮ ਦਿੱਤੀ, ਜਿਸ ‘ਚ ਯਸ਼ ਕੁਮਾਰ ਨੇ 5 ਲੱਖ ਬੈਂਕ ਵੱਲੋਂ ਅਤੇ ਡੇਢ ਲੱਖ ਰੁਪਏ ਨਕਦ ਵਿਸ਼ਾਲ ਕੁਮਾਰ ਅਤੇ ਕਪਿਲ ਕੁਮਾਰ ਨੂੰ ਦਿੱਤਾ।
ਇਸ ਤੋਂ ਬਾਅਦ ਵਿਸ਼ਾਲ ਕੁਮਾਰ ਅਤੇ ਕਪਿਲ ਕੁਮਾਰ ਨੇ ਯਸ਼ ਕੁਮਾਰ ਨੂੰ ਨਾ ਤਾਂ ਪੁਰਤਗਾਲ ਦਾ ਵਰਕ ਪਰਮਿਟ ਦਿਵਾ ਕੇ ਵਿਦੇਸ਼ ਭੇਜਿਆ ਇਸ ਤੋਂ ਬਾਅਦ ਵਿਸ਼ਾਲ ਕੁਮਾਰ ਨੇ ਯਸ਼ ਕੁਮਾਰ ਨੂੰ ਸਾਢੇ 3 ਲੱਖ ਦਾ ਚੈੱਕ ਦੇ ਦਿੱਤਾ, ਜਿਸ ਤੇ ਉਸ ਨੇ ਗਲਤ ਸਿਗਨੇਚਰ ਕਰ ਦਿੱਤੇ, ਜੋ ਚੈੱਕ ਬੈਂਕ ਤੋਂ ਵਾਪਸ ਆ ਗਿਆ।
ਇਸ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਵਿਸ਼ਾਲ ਕੁਮਾਰ ਅਤੇ ਕਪਿਲ ਕੁਮਾਰ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਦਾ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਖਿਲਾਫ ਥਾਣਾ ਸਲੇਮ ਟਾਬਰੀ ‘ਚ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਦੋਵੇਂ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ
