ਗਾਲ੍ਹਾਂ ਕੱਢਣ ਤੋਂ ਰੋਕਣ ’ਤੇ ਗੁੱਸੇ ’ਚ ਆਏ ਵਿਅਕਤੀ ਨੇ ਪਿਓ-‑ਪੁੱਤ ’ਤੇ ਕੀਤਾ ਫਾਇਰ

55

ਮੋਗਾ, 6 ਦਸੰਬਰ- ਸਥਾਨਕ ਨਾਨਕ ਨਗਰੀ ’ਚ ਇਕ ਘਰ ਦੇ ਬਾਹਰ ਮੋਬਾਈਲ ’ਤੇ ਗਾਲ੍ਹਾਂ ਕਢਣ ਵਾਲੇ ਵਿਅਕਤੀ ਨੂੰ ਰੋਕਿਆ ਤਾਂ ਗੁੱਸੇ ’ਚ ਆਏ ਵਿਅਕਤੀ ਨੇ ਫਾਇਰ ਕਰਕੇ ਪਿਓ-‑ਪੁੱਤ ਨੂੰ ਜ਼ਖ਼ਮੀ ਕਰ ਦਿੱਤਾ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜ਼ਖ਼ਮੀ ਵਿਅਕਤੀ ਦੇ ਬਿਆਨ ’ਤੇ ਫਾਇਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ-1 ਪੁਲਿਸ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਰਾਜਿੰਦਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਨਾਨਕ ਨਗਰੀ ਮੋਗਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਉਦਿਆਂ ਕਿਹਾ ਕਿ ਅਰੋਪੀ ਮੁਨੀਸ਼ ਕੁਮਾਰ ਵਾਸੀ ਨਾਨਕ ਨਗਰੀ ਮੋਗਾ ਜੋਕਿ ਉਸ ਦੇ ਗੁਆਂਢੀ ਮਿੱਠੂ ਰਾਮ ਦੇ ਘਰ ਆਉਦਾ ਜਾਂਦਾ ਹੈ ਅਤੇ 4 ਦਸੰਬਰ ਦੀ ਸ਼ਾਮ ਅਰੋਪੀ ਮੁਨੀਸ਼ ਕੁਮਾਰ ਉਸ ਦੇ ਘਰ ਦੇ ਨਜਦੀਕ ਮੋਬਾਈਲ ’ਤੇ ਗਾਲੀ-ਗਲੋਜ ਕਰ ਰਿਹਾ ਸੀ, ਜਦ ਉਸ ਨੇ ਮੁਨੀਸ਼ ਕੁਮਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਅਰੋਪੀ ਨੇ ਉਸ ਦੇ ਅਤੇ ਉਸ ਦੇ ਲੜਕੇ ਹਰਮੀਤ ਸਿੰਘ ਦੇ ਗਲ ਪੈ ਗਿਆ ਅਤੇ ਡੱਬ ਵਿਚੋਂ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਜੋ ਉਸ ਦੇ ਖੱਬੇ ਪੈਰ ਅਤੇ ਉਸ ਦੇ ਲੜਕੇ ਹਰਮੀਤ ਸਿੰਘ ਦੇ ਸੱਜੇ ਪੈਰ ਵਿਚ ਲੱਗਾ। ਅਰੋਪੀ ਆਪਣੇ ਅਸਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਅਤੇ ਉਸ ਦੇ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ। ਪੁਲਿਸ ਨੇ ਜ਼ਖ਼ਮੀ ਰਾਜਿੰਦਰ ਸਿੰਘ ਦੇ ਬਿਆਨ ਲੈਕੇ ਫਾਇਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ’ਚ ਮੁਨੀਸ਼ ਕੁਮਾਰ ਵਾਸੀ ਨਾਨਕ ਨਗਰੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।