ਅਧਿਆਪਕਾਂ ਦੀ ਘਾਟ ਕਾਰਨ ਪਿੰਡ ਵਾਸੀ ਪ੍ਰੇਸ਼ਾਨ, 11ਵੀਂ ਅਤੇ 12ਵੀਂ ਦੇ 60 ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ

46

ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕਾਂ ਦੀ ਘਾਟ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ, ਕਿਉਂਕਿ ਪੇਪਰਾਂ ਦੇ ਦਿਨਾਂ ‘ਚ ਅਧਿਆਪਕਾਂ ਬਿਨਾਂ ਬੱਚਿਆਂ ਦੀ ਪੜਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਿੰਡ ਦੇ ਸਮਾਜਸੇਵੀ ਰਿਟਾਇਰਡ ਖੇਤੀਬਾੜੀ ਇੰਜੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ ‘ਤੇ ਪਿੰਡ ਦੀ ਸਰਪੰਚ ਸੁਖਜੀਤ ਕੌਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੀਤ ਸਿੰਘ ਬੈਂਸ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ, ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਬਾਗਵਾਲੀ ਵਿਖੇ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੀਆਂ ਜਮਾਤਾਂ ਲੰਬੇ ਸਮੇਂ ਤੋਂ ਆਰਟਸ ਗਰੁੱਪ ਨਾਲ ਚੱਲ ਰਹੀਆਂ ਹਨ, ਜਿੰਨ੍ਹਾਂ ਵਿੱਚ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ, ਪੰਜਾਬੀ, ਹਿਸਟਰੀ, ਫਿਜੀਕਲ ਐਜੂਕੇਸ਼ਨਅਤੇ ਸੋਸ਼ਿਆਲੋਜੀ ਵਿਸ਼ੇ ਰੱਖੇ ਹੋਏ ਹਨ ਪ੍ਰੰਤੂ ਉਕਤ ਵਿਸ਼ਿਆਂ ਨੂੰ ਪੜ੍ਹਾਉਣ ਵਾਲਾ ਕਈ ਵੀ ਅਧਿਆਪਕ ਸਕੂਲ ‘ਚ ਨਹੀਂ ਹੈ, ਅਤੇ ਪ੍ਰਿੰਸੀਪਲ ਦੀ ਨਿਯੁਕਤੀ ਵੀ ਲੰਬੇ ਸਮੇਂ ਤੋਂ ਪੱਕੇ ਤੌਰ ਤੇ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਲਈ ਸੰਸ਼ਿਆਲਜੀ,ਅੰਗਰੇਜੀ ਅਤੇ ਪੰਜਾਬੀ ਦੀਆਂ ਪੋਸਟਾਂ ਮਨਜ਼ੂਰ ਹਨ, ਪਰ ਪੰਜਾਬੀ ਅਤੇ ਸਸ਼ਿਆਲਜੀ ਦੇ ਲੈਕਚਰਾਰ ਬਦਲੀ ਕਰਵਾ ਕੇ ਚਲੇ ਗਏ ਹਨ ਅਤੇ ਅੰਗਰੇਜੀ ਵਿਸ਼ੇ ਦੇ ਲੈਕਚਰਾਰ ਸਰਕਾਰ ਵੱਲੋਂ ਮੈਰੀਟਰੀਅਸ ਸਕੂਲ ਬਠਿੰਡਾ ਵਿਖੇ ਡੈਪੂਟੇਸ਼ਨ ਤੇ ਭੇਜ ਦਿੱਤੇ ਹਨ ਜਦ ਕਿ ਡੀ.ਪੀ.ਈ. ਦੀ ਪੋਸਟ ਵੀ ਲੰਬੇ ਸਮੇਂ ਤੋਂ ਖਾਲੀ ਪਈ ਹੈ।

ਉਨ੍ਹਾਂ ਦੱਸਿਆ ਕਿ ਅਧਿਆਪਕ ਨਾਂ ਹੋਣ ਕਾਰਨ ਸਕੂਲ ਦੇਗਿਆਰਵੀਂ ਅਤੇਬਾਰ੍ਹਵੀਂ ਦੇ 60 ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਖ਼ਤਰ ਚ ਜਾਪਦਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦਾ ਭਵਿੱਖ ਬਚਾਉਣ ਲਈ ਸਕੂਲ ਅੰਦਰ ਜਲਦੀ ਅਧਿਆਪਕਾਂ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਪਿੰਡ ਵਾਸੀ ਸੰਘਰਸ਼ ਵਿੱਢਣ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਅਮਰਜੀਤ ਸਿੰਘ ਪੰਚ, ਜਸਵਿੰਦਰ ਕੌਰ ਪੰਚ, ਜਸ਼ਨਦੀਪ ਕੌਰ ਪੰਚ, ਸੰਦੀਪ ਕੌਰ ਪੰਚ, ਜਗਸੀਰ ਸਿੰਘ ਪੰਚ, ਹੌਲਦਾਰ ਸਿੰਘ ਪੰਚ ਅਤੇ ਮਲਕੀਤ ਸਿੰਘ ਸਾਬਕਾ ਪੰਚ ਮੌਜੂਦ ਸਨ।